Thursday 21 May 2015

Shri Darbar Sahib (Harmandir Sahib)

ਐਸ ਐਤਵਾਰ ਨੂੰ ਮੈਂ ਸ਼੍ਰੀ ਦਰਬਾਰ ਸਾਹਿਬ ਗਿਆ, ਕਾਫੀ ਦੇਰ ਬਾਅਦ । ਜਾ ਕੇ ਦੇਖਿਆ, ਦਸਾਂ ਪਿੱਛੇ ਚਾਰ ਕ ਬੰਦੇ ਸਿੱਖ, ਬਾਕੀ ਹੋਰ ਧਰਮਾਂ ਦੇ।...... ਮਨ ਚ ਘੁੜਕੂ ਜਿਹਾ ਵੱਜਾ ਪਈ ਦੇਖੀਏ ਇਹ ਕਰਨ ਕੀ ਆਏ ਆ।... ਇੱਕ ਧੋਤੀਆਂ ਵਾਲਿਆਂ ਦਾ ਝੁੰਡ ਜਿਹਾ ਦਿਸਿਆ। ਦਸ ਕ ਬੀਬੀਆਂ ਵੀ ਸੀਗੀਆਂ ਨਾਲ ਸਾੜੀਆਂ ਵਾਲੀਆਂ। ਉਹਨਾਂ ਵਿੱਚੋਂ ਈ ਇੱਕ ਬੰਦਾ ਉਹਨਾਂ ਨੂੰ ਕੁਛ ਦੱਸ ਰਿਹਾ ਸੀ।...... ਮੈਂ ਕੋਲ ਘੇਸਲ ਜਿਹੀ ਵੱਟ ਕੇ ਖੜ੍ਹ ਗਿਆ।...... ਉਹ ਕਹਿ ਰਿਹਾ ਸੀ," ਯੇ ਸਥਾਨ ਅਠਸਠ ਤੀਰਥੋਂ ਕੇ ਬਰਾਬਰ ਹੈ। ਯਹਾਂ ਆਕਰ ਮਨ ਕੀ ਸਾਰੀ ਅਗਨੀ ਸ਼ਾਂਤ ਹੋ ਜਾਤੀ ਹੈ।" 
ਮੈਂ ਥੋੜ੍ਹਾ ਅੱਗੇ ਗਿਆ ਤਾਂ ਇੱਕ ਛੋਟੀਆਂ ਮੁੱਛਾਂ ਵਾਲਾ ਕਲੀਨਸ਼ੇਵ ਬੰਦਾ ਆਪਣੇ ਨਾਲ ਆਈ ਬੀਬੀ ਨੂੰ ਸਮਝਾ ਰਿਹਾ ਸੀ," ਯੇ ਸਭ ਧਰਮੋਂ ਕਾ ਸਾਂਝਾ ਸਥਾਨ ਹੈ। ਯਹਾਂ ਆਨੇ ਸੇ ਹੀ ਪਾਪੋਂ ਕਾ ਨਾਸ਼ ਹੋ ਜਾਤਾ ਹੈ। ਉਧਰ ਸਾਰਾ ਕੁਛ ਖਾਨੇ ਕੋ ਮਿਲਤਾ ਹੈ ਬਿਲਕੁਲ ਫਰੀ। ਦੇਸੀ ਘੀ ਕਾ ਹਲਵਾ ਭੀ। ਧਰਤੀ ਪੇ ਯਹੀ ਜੰਨਤ ਹੈ।"... ਬੀਬੀ ਬੜੀ ਇੰਪਰੈੱਸਡ ਸੀ ਸਾਰਾ ਕੁਛ ਸੁਣ ਕੇ।... ਇੰਨੇ ਨੂੰ ਇੱਕ ਬੰਦਾ ਬਰਛਾ ਫੜੀ ਆਇਆ ਤੇ ਬੜੀ ਪੁੱਠੀ ਤਰਾਂ ਬੀਬੀ ਨੂੰ ਪੈ ਗਿਆ," ਸਿਰ ਤੇ ਚੁੰਨੀ ਨਹੀਂ ਲੈਣੀ ਤਾਂ ਬਾਹਰ ਨਿਕਲੋ। ਸੁਣਿਆ ਨੀ ਤੈਨੂੰ?"..... ਉਹਨਾ ਨੂੰ ਸਮਝ ਨੀ ਲੱਗੀ। ਮੇਰੇ ਵੱਲ ਨੂੰ ਪ੍ਰਸ਼ਨਵਾਚਕ ਜਿਹਾ ਮੂੰਹ ਬਣਾ ਕੇ ਦੇਖਣ ਲੱਗ ਪਏ। ਮੈਨੂੰ ਹੱਥਾਂ ਪੈਰਾਂ ਦੀ ਪੈ ਗਈ। ਲੱਗਾ ਇਹ ਤਾਂ ਸਾਰੇ ਧਰਮ ਦੀ ਮਿਸਰੀਪਰੈਜ਼ੈਂਟੇਸ਼ਨ ਹੋਗੀ।.... ਮਨ ਚ ਆਇਆ ਬਰਛੇ ਆਲੇ ਨੂੰ ਕਹਾਂ ਪਈ ਭਲਿਆ ਮਾਣਸਾ ਤੂੰ ਏਹਨਾਂ ਦੀ ਆਤਮਾਂ ਨੂੰ ਦੇਖ, ਜੇਹੜੀ ਲੰਮੀ ਪੈ ਕੇ ਨਮਸ਼ਕਾਰ ਕਰ ਰਹੀ ਆ। ਤੂੰ ਸਿਰ ਢਕਾ ਕੇ ਲੱਡੂ ਲੈਣੇ ਆ? ਜੇ ਕਹਿਣਾ ਤੇ ਪਿਆਰ ਨਾਲ ਕਹਿ ਦੇ.... ਮੈਂ ਬੜੇ ਪਿਆਰ ਨਾਲ ਉਸ ਬਾਊ ਨੂੰ ਸਮਝਾ ਦਿੱਤਾ ਕਿ ਸਿਰ ਤੇ ਚੁੱਨੀ ਦੀ ਮਰਿਆਦਾ ਹੈ ਇੱਥੇ। ਉਸਨੇ ਮੈਨੂੰ ਦੱਸਿਆ ਕਿ ਉਹ ਹੈਦਰਾਬਾਦ ਤੋਂ ਆਏ ਨੇ ਤੇ ਉੱਥੇ ਇਹ ਮਰਿਆਦਾ ਨਹੀ ਹੈ। ਲੰਗਰ ਹਾਲ ਚ ਸੰਗਤਾਂ ਦਾ ਭਾਰੀ ਰਸ਼ ਸੀ। ਖੀਰ, ਦਾਲ, ਮਟਰ ਪਨੀਰ, ਚੌਲ ਤੇ ਰੋਟੀ। ਅੱਤ ਦੀ ਸਫਾਈ । ਬੰਦੇ ਦੇ ਕੱਦ ਤੋਂ ਵੀ ਵੱਡੇ ਵੱਡੇ ਵੀਹ ਕੁ ਪਤੀਲੇ ਭਾਫਾਂ ਛੱਡੀ ਜਾਂਦੇ ਸੀ। ਕਰੋੜਾਂ ਦਾ ਖਰਚਾ ਹੋ ਰਿਹਾ। ਮੈਂ ਸੋਚਿਆ ਕਿ ਖਰਚਾ ਤਾਂ ਅਸੀਂ ਕਰੀ ਹੀ ਜਾਨੇ ਆਂ, ਫਰੀ ਵਾਲੀ ਚੀਜ਼ ਮੁਹੱਈਆ ਕਰਨ ਖੁਣੋਂ ਮਾਰ ਖਾਈ ਜਾਂਨੇ ਆਂ । ਪਿਆਰ ਦੇ ਦੋ ਅੱਖਰ। ਪ੍ਰਚਾਂਰ ਕਰਨ ਲਈ ਕਿਤੇ ਜਾਣ ਦੀ ਕੀ ਲੋੜ ਆ? ਘਰੇ ਆਇਆਂ ਨੂੰ ਸੰਭਾਲ ਲਈਏ।
ਅੱਗੇ ਗਿਆ ਤਾਂ ਸ਼੍ਰੋਮਣੀ ਕਮੇਟੀ ਵਲੋਂ ਫਰੀ ਕਿਤਾਬਾਂ ਦਾ ਸਟਾਲ ਲੱਗਾ ਹੋਇਆ ਸੀ। ਇੱਕ ਬੰਦੇ ਨੇ ਹਿੰਦੀ ਭਾਸ਼ਾ ਦੇ ਸੁਖਮਨੀ ਸਾਹਿਬ ਦੇ ਗੁਟਕੇ ਦੀ ਮੰਗ ਕੀਤੀ। ਉਹਨਾਂ ਕੋਲ ਹੈਨੀ ਸੀ। ਮੈਨੂੰ ਬਜਾਰ ਚ ਘੁੰਮਦੇ ਨੂੰ ਇੱਕ ਜਗ੍ਹਾ ਦਿਸ ਗਿਆ। ਮੈਂ ਵੀਹ ਲੈ ਲਏ। ਜਾ ਕੇ ਉਸੇ ਸਟਾਲ ਤੇ ਰੱਖ ਦਿੱਤੇ। ਦੋ ਮਿੰਟ ਚ ਖਤਮ। ਹਿੰਦੀ ਦੇ।
ਸਾਡੇ ਚ ਹੀ ਧਰਮ ਦੇ ਠੇਕੇਦਾਰਾਂ ਦਾ ਇੱਕ ਐਦਾਂ ਦਾ ਤਬਕਾ ਪੈਦਾ ਹੋ ਗਿਆ ਜੇਹੜਾ ਐਂਵੇਂ ਦੂਜੇ ਧਰਮਾਂ ਨੂੰ ਨਫਰਤ ਕਰੀ ਜਾਂਦਾ ਤੇ ਨਫਰਤ ਫੈਲਾਈ ਜਾਂਦਾ। ਜੇ ਗੁਰੂ ਸਾਹਿਬ ਦੀ ਗੱਲ ਮੰਨ ਕੇ ਪਿਆਰ ਦਾ ਛੱਟਾ ਦਈਏ ਤਾਂ ਗੱਲ ਬਣ ਜਾਏ। ਮਨੁੱਖਤਾ ਵਧੇ ਫੁੱਲੇ।.....



                                          (I Am Proud To Be  A Sikhi)

No comments:

Post a Comment