Friday 31 July 2015

ਜਾਣਕਾਰੀ-ਅਨੰਦ ਕਾਰਜ ਕੀ ਹੈ ?

ਅਨੰਦ ਕਾਰਜ ਸਿੱਖ ਵਿਆਹ ਦੀ ਰੀਤ ਹੈ। ਇਸਦਾ ਅੱਖਰੀ ਮਤਲਬ ਹੈ, ਖ਼ੁਸ਼ੀ ਭਰਿਆ ਕੰਮ। ਅਨੰਦੁ ਸਿੱਖਾਂ ਦੇ ਤੀਜੇ ਗੁਰੂ, ਗੁਰੂ ਅਮਰਦਾਸ ਜੀ ਦੀ ਬਾਣੀ ਹੈ ਜੋ ਓਹਨਾ ਰਾਮਕਲੀ ਰਾਗ ਤਹਿਤ ਰਚਿਆ। ਇਹ ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ 917 ਉੱਤੇ ਦਰਜ ਹੈ। ਬਾਅਦ ਵਿੱਚ ਚੌਥੇ ਗੁਰੂ, ਗੁਰੂ ਰਾਮਦਾਸ ਜੀ ਨੇ ਚਾਰ ਲਾਵਾਂ ਦੀ ਰਚਨਾ ਕੀਤੀ। ਸਿੱਖ ਵਿਆਹ ਵੇਲ਼ੇ ਇਸ ਰਚਨਾ ਦਾ ਪਾਠ ਹੁੰਦਾ ਹੈ ਅਤੇ ਲਾਵਾਂ ਦੇ ਪਾਠ ਵੇਲ਼ੇ ਵਿਆਹ ਵਾਲ਼ਾ ਜੋੜਾ (ਮੁੰਡਾ ਅਤੇ ਕੁੜੀ) ਗੁਰੂ ਗ੍ਰੰਥ ਸਾਹਿਬ ਨੂੰ ਸੱਜੇ ਹੱਥ ਰੱਖਦੇ ਹੋਏ ਇਸਦੀ ਪਰਕਰਮਾ ਕਰਦਾ ਹੈ। ਇਸ ਤਰ੍ਹਾਂ ਚਾਰ ਵਾਰ ਪਰਕਰਮਾ ਕੀਤੀ ਜਾਂਦੀ ਹੈ।


1909 ਵਿੱਚ ਬਰਤਾਨਵੀ ਭਾਰਤ ਵਿੱਚ ਅਨੰਦ ਕਾਰਜ ਐਕਟ ਪਾਸ ਹੋਇਆ ਪਰ ਅਜ਼ਾਦੀ ਤੋਂ ਬਾਅਦ ਪਾਕਿਸਤਾਨ ਵਿੱਚ ਅਨੰਦ ਕਾਰਜ ਐਕਟ 2007 ਵਿੱਚ ਪਾਸ ਹੋਇਆ ਜਿਸ ਦੇ ਤਹਿਤ ਦੁਨੀਆਂ ਦੇ ਕਿਸੇ ਵੀ ਕੋਨੇ ’ਚੋਂ ਸਿੱਖ ਆਪਣਾ ਵਿਆਹ ਰਜਿਸਟਰ ਕਰ ਸਕਦੇ ਹਨ। ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚੋਂ ਸਿੱਖਾਂ ਨੇ ਆਪਣੇ ਵਿਆਹ ਇਸਦੇ ਤਹਿਤ ਰਜਿਸਟਰ ਵੀ ਕੀਤੇ ਹਨ। ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਰਜਿਸਟ੍ਰੇਸ਼ਨ ਲਈ ਸਰਟੀਫ਼ਿਕੇਟ ਜਾਰੀ ਕਰਦੀ ਹੈ। ਭਾਰਤ ਵਿੱਚ ਇਹ ਐਕਟ ਅਜ਼ਾਦੀ ਤੋਂ ਬਾਅਦ ਵੀ ਲਾਗੂ ਰਿਹਾ ਅਤੇ ਹਾਲ ਹੀ ਵਿੱਚ ਇਸ ਵਿੱਚ ਸੁਧਾਰ ਕਰਕੇ ਇਹ ਐਕਟ ਪਾਸ ਹੋਇਆ ਪਰ ਕੁਝ ਕਮੀਆਂ ਬਾਕੀ ਹਨ।

ਅਨੰਦ ਕਾਰਜ ਤਹਿਤ ਹੋਏ ਵਿਆਹ ਨੂੰ ਕਾਨੂੰਨੀ ਮਾਨਤਾ ਦਵਾਉਣ ਲਈ ਸਭ ਤੋਂ ਪਹਿਲਾਂ ਖ਼ਿਆਲ ਰਿਆਸਤ ਨਾਭਾ ਦੇ ਟਿੱਕਾ ਰਿਪੂਦਮਨ ਸਿੰਘ ਨੂੰ ਆਇਆ ਜੋ ਵਾਇਸਰਾਏ ਦੀ ਕੌਂਸਲ ਦੇ ਸਿੱਖ ਮੈਂਬਰ ਸਨ। ਸਿੰਘ ਨੇ ਸਿੱਖ ਜਥੇਬੰਦੀਆਂ ਅਤੇ ਭਾਈ ਕਾਨ੍ਹ ਸਿੰਘ ਨਾਭਾ ਆਦਿ ਵਿਦਵਾਨਾਂ ਦੀ ਰਾਏ ਲੈਣ ਤੋਂ ਬਾਅਦ 30 ਅਕਤੂਬਰ 1908 ਨੂੰ ਇਸ ਸਬੰਧੀ ਬਿੱਲ ਕੌਂਸਲ ਵਿੱਚ ਪੇਸ਼ ਕੀਤਾ।ਇਸ ਬਿੱਲ ਦਾ ਕੁਝ ਹਿੰਦੂ ਧਰਮ ਵੱਲ ਝੁਕਾਅ ਵਾਲ਼ੇ ਸਿੱਖਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਜਿੰਨਾਂ ਵਿੱਚ ਮਹਾਰਾਜਾ ਨਾਭਾ, ਹੀਰਾ ਸਿੰਘ ਵੀ ਸ਼ਾਮਲ ਸਨ। ਬਾਅਦ ਵਿੱਚ ਕੌਂਸਲ ਦੇ ਐਡੀਸ਼ਨਲ ਮੈਂਬਰ ਸਰਦਾਰ ਸੁੰਦਰ ਸਿੰਘ ਮਜੀਠੀਆ ਨੇ 27 ਅਗਸਤ 1909 ਨੂੰ ਇਹ ਬਿਲ ਸ਼ਿਮਲਾ ਵਿਖੇ ਵਾਇਸਰਾਇ ਦੀ ਕੌਂਸਲ ਵਿੱਚ ਪੇਸ਼ ਕੀਤਾ ਅਤੇ ਕੌਂਸਲ ਨੇ ਇਸਨੂੰ ਸਿਲੈਕਟ ਕਮੇਟੀ ਦੇ ਸਪੁਰਦ ਕਰ ਦਿੱਤਾ। 10 ਸਤੰਬਰ ਨੂੰ ਕਮੇਟੀ ਦੀ ਰਿਪੋਟ ਕੌਂਸਲ ਵਿੱਚ ਪੇਸ਼ ਹੋਈ ਅਤੇ ਵੱਧ ਗਿਣਤੀ ਵਿੱਚ ਹਮਾਇਤ ਦੇ ਚਲਦੇ 22 ਅਕਤੂਬਰ 1909 ਨੂੰ ਇਹ ਬਿੱਲ ਪਾਸ ਹੋ ਗਿਆ ਅਤੇ ਸਾਰੇ ਬਰਤਾਨਵੀ ਭਾਰਤ, ਜਿਸ ਵਿੱਚ ਮੌਜੂਦਾ ਪਾਕਿਸਤਾਨ ਅਤੇ ਬੰਗਲਾਦੇਸ਼ ਵੀ ਸ਼ਾਮਲ ਸਨ, ’ਤੇ ਲਾਗੂ ਹੋਇਆ।

No comments:

Post a Comment